ਖੇਤੀਬਾੜੀ ਰਸਾਇਣਾਂ ਦੀ ਵਰਤੋਂ ਲਈ ਇੱਕ ਸੰਖੇਪ ਗਾਈਡ (A quick guide to using agricultural chemicals – Punjabi)
ਇਹ ਗਾਈਡ ਰਸਾਇਣ ਵਰਤਣ ਵਾਲਿਆਂ ਨੂੰ ਖੇਤੀਬਾੜੀ ਅਤੇ ਵੈਟਰਨਰੀ ਰਸਾਇਣਾਂ ਦੀ ਵਰਤੋਂ ਬਾਰੇ ਕਾਨੂੰਨ ਦੀਆਂ ਬੁਨਿਆਦੀ ਗੱਲਾਂ ਸਮਝਣ ਵਿੱਚ ਮਦਦ ਕਰੇਗੀ। ਇਹ ਕਾਨੂੰਨ ਲੋਕਾਂ ਨੂੰ ਸੁਰੱਖਿਅਤ ਰੱਖਣ ਅਤੇ ਵਿਕਟੋਰੀਆ ਦੇ ਖੇਤੀਬਾੜੀ ਉਦਯੋਗ ਦੀ ਰੱਖਿਆ ਕਰਨ ਲਈ ਬਣਾਏ ਗਏ ਹਨ। ਇਹ ਕਾਨੂੰਨ ਘਰੇਲੂ ਬਾਗਬਾਨੀ ਅਤੇ ਘਰੇਲੂ ਵਰਤੋਂ ਵਾਲੇ ਉਤਪਾਦਾਂ 'ਤੇ ਲਾਗੂ ਨਹੀਂ ਹੁੰਦੇ ਹਨ।
ਹਰੇਕ ਵਿਸ਼ੇ ਬਾਰੇ ਵਧੇਰੇ ਜਾਣਕਾਰੀ ਲਈ, ਐਗਰੀਕਲਚਰ ਵਿਕਟੋਰੀਆ ਦੀ ਵੈੱਬਸਾਈਟ 'ਤੇ ਜਾਓ ਜਾਂ ਇਸ QR ਕੋਡ ਨੂੰ ਸਕੈਨ ਕਰੋ।
ਸਿਖਲਾਈ
ਖੇਤੀਬਾੜੀ ਰਸਾਇਣਾਂ ਦੀ ਸੁਰੱਖਿਅਤ ਵਰਤੋਂ ਲਈ ਸਿਖਲਾਈ ਮਹੱਤਵਪੂਰਨ ਹੈ। ਜੇਕਰ ਰਸਾਇਣਾਂ ਦੀ ਸਹੀ ਢੰਗ ਨਾਲ ਵਰਤੋਂ ਨਾ ਕੀਤੀ ਜਾਵੇ, ਤਾਂ ਇਹ ਖ਼ਤਰਨਾਕ ਹੋ ਸਕਦੇ ਹਨ। ਜੋ ਲੋਕ ਅਕਸਰ ਰਸਾਇਣਾਂ ਦੇ ਸੰਪਰਕ ਵਿੱਚ ਰਹਿੰਦੇ ਹਨ ਜਾਂ ਉਨ੍ਹਾਂ ਦੀ ਵਰਤੋਂ ਕਰਦੇ ਹਨ, ਉਹਨਾਂ ਲਈ ਖ਼ਤਰਾ ਵੱਧ ਹੁੰਦਾ ਹੈ।
ਰਸਾਇਣਾਂ ਦੀ ਵਰਤੋਂ ਕਰਨ ਵਾਲੇ ਹਰ ਵਿਅਕਤੀ ਨੂੰ ਰਸਾਇਣਾਂ ਦੀ ਵਰਤੋਂ ਸੰਬੰਧੀ ਸਿਖਲਾਈ ਕੋਰਸ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ।
ਲਾਇਸੈਂਸ ਅਤੇ ਪਰਮਿਟ
ਕੁੱਝ ਵੱਧ ਖ਼ਤਰੇ ਵਾਲੇ ਰਸਾਇਣਾਂ ਦੀ ਵਰਤੋਂ ਕਰਨ ਲਈ ਵਿਅਕਤੀ ਕੋਲ Agricultural Chemical Users Permit (ਖੇਤੀਬਾੜੀ ਰਸਾਇਣ ਖ਼ਪਤਕਾਰ ਪਰਮਿਟ) ਹੋਣਾ ਲਾਜ਼ਮੀ ਹੈ। ਇਹ ਪਰਮਿਟ ਪ੍ਰਾਪਤ ਕਰਨ ਲਈ ਪਹਿਲਾਂ ਰਸਾਇਣਾਂ ਦੀ ਵਰਤੋਂ ਸੰਬੰਧੀ ਸਿਖਲਾਈ ਕੋਰਸ ਪਾਸ ਕਰਨਾ ਲਾਜ਼ਮੀ ਹੈ।
ਜੇਕਰ ਤੁਸੀਂ ਖੇਤਾਂ ਵਿੱਚ ਖੇਤੀਬਾੜੀ ਰਸਾਇਣਾਂ ਦੀ ਵਰਤੋਂ ਕਰਕੇ ਕਾਰੋਬਾਰ ਚਲਾਉਣਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਵਪਾਰਕ ਆਪਰੇਟਰ ਲਾਇਸੈਂਸ ਹੋਣਾ ਚਾਹੀਦਾ ਹੈ।
ਖੇਤੀਬਾੜੀ ਰਸਾਇਣਾਂ ਦਾ ਛਿੜਕਾਅ ਕਰਨ ਲਈ ਹਵਾਈ ਜਹਾਜ਼ ਦੀ ਵਰਤੋਂ ਕਰਨ ਵਾਲੇ ਕਾਰੋਬਾਰਾਂ ਅਤੇ ਉਨ੍ਹਾਂ ਲਈ ਕੰਮ ਕਰਨ ਵਾਲੇ ਪਾਇਲਟਾਂ ਲਈ ਵੀ ਵੱਖਰੇ ਲਾਇਸੈਂਸ ਉਪਲਬਧ ਹਨ।
ਲਾਇਸੈਂਸਾਂ ਅਤੇ ਪਰਮਿਟਾਂ ਬਾਰੇ ਹੋਰ ਜਾਣਕਾਰੀ ਲਈ QR ਕੋਡ ਸਕੈਨ ਕਰੋ।
ਲੇਬਲ ਤੋਂ ਵੱਖਰੀ ਵਰਤੋਂ
ਵਿਕਟੋਰੀਆ ਵਿੱਚ, ਕੁੱਝ ਰਸਾਇਣਾਂ ਦੀ ਵਰਤੋਂ ਲੇਬਲ 'ਤੇ ਦਿੱਤੀਆਂ ਹਿਦਾਇਤਾਂ ਤੋਂ ਵੱਖਰੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਅਜਿਹੀ ਵਰਤੋਂ ਲਈ ਕੁੱਝ ਸ਼ਰਤਾਂ ਲਾਗੂ ਹੁੰਦੀਆਂ ਹਨ। ਰਸਾਇਣਾਂ ਦੀ ਲੇਬਲ ਤੋਂ ਵੱਖਰੀ ਵਰਤੋਂ ਕਿਵੇਂ ਕਰਨੀ ਹੈ, ਇਸ ਬਾਰੇ ਵਧੇਰੇ ਜਾਣਕਾਰੀ "Off-label chemical use" 'ਤੇ ਉਪਲਬਧ ਹੈ।
ਰਸਾਇਣਾਂ ਦੀ ਲੇਬਲ ਤੋਂ ਵੱਖਰੀ ਵਰਤੋਂ ਬਾਰੇ ਹੋਰ ਜਾਣਕਾਰੀ ਲਈ QR ਕੋਡ ਸਕੈਨ ਕਰੋ।
ਰਿਕਾਰਡ ਰੱਖਣਾ
ਸਾਰੇ ਰਸਾਇਣਾਂ ਦੀ ਵਰਤੋਂ ਦਾ ਰਿਕਾਰਡ, ਉਨ੍ਹਾਂ ਦੀ ਵਰਤੋਂ ਕਰਨ ਤੋਂ 48 ਘੰਟਿਆਂ ਦੇ ਅੰਦਰ ਤਿਆਰ ਕੀਤਾ ਜਾਣਾ ਚਾਹੀਦਾ ਹੈ ਅਤੇ 2 ਸਾਲਾਂ ਤੱਕ ਸੰਭਾਲ ਕੇ ਰੱਖਣਾ ਲਾਜ਼ਮੀ ਹੈ।
ਰਿਕਾਰਡ ਵਿੱਚ ਹੇਠ ਲਿਖੀ ਜਾਣਕਾਰੀ ਸ਼ਾਮਲ ਹੋਣੀ ਚਾਹੀਦੀ ਹੈ:
- ਰਸਾਇਣਕ ਉਤਪਾਦ ਦਾ ਵਪਾਰਕ ਨਾਮ
- ਵਰਤੋਂ ਦੀ ਮਿਤੀ
- ਰਸਾਇਣ ਦੀ ਵਰਤੋਂ ਦੀ ਦਰ
- ਉਹ ਫ਼ਸਲ ਜਾਂ ਖੇਤੀਬਾੜੀ ਉਤਪਾਦ, ਜਿਸ 'ਤੇ ਰਸਾਇਣ ਦੀ ਵਰਤੋਂ ਕੀਤੀ ਗਈ
- ਰਸਾਇਣ ਦੀ ਵਰਤੋਂ ਕਰਨ ਵਾਲੇ ਵਿਅਕਤੀ ਦਾ ਨਾਮ
- ਰਸਾਇਣ ਦੀ ਵਰਤੋਂ ਕੀਤੇ ਜਾਣ ਦਾ ਸਥਾਨ
- ਰਸਾਇਣ ਦੀ ਵਰਤੋਂ ਦੇ ਸਮੇਂ ਹਵਾ ਦੀ ਰਫ਼ਤਾਰ ਅਤੇ ਦਿਸ਼ਾ
ਰਿਕਾਰਡ ਰੱਖਣ ਬਾਰੇ ਹੋਰ ਜਾਣਕਾਰੀ ਲਈ, QR ਕੋਡ ਨੂੰ ਸਕੈਨ ਕਰੋ।



